1981 ਤੋਂ 1985 ਤੱਕ ਉਨ੍ਹਾਂ ਦੀ ਨਿੱਜੀ ਸਕੱਤਰ ਰਹੀ ਮਾਂ ਆਨੰਦ ਸ਼ੀਲਾ ਦਾ ਸ਼੍ਰੀ ਰਜਨੀਸ਼ ਓਸ਼ੋ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਸੀ।
ਜਦੋਂ ਵੀ ਓਸ਼ੋ ਨਿੱਜੀ ਗੱਲਾਂ, ਮਹੱਤਵਪੂਰਨ ਮੁੱਦਿਆਂ ਜਾਂ ਰੋਜ਼ਾਨਾ ਦੇ ਦੁਨਿਆਵੀ ਕੰਮਾਂ ’ਤੇ ਚਰਚਾ ਕਰਦੇ ਤਾਂ ਉਹਦੀ ਸਲਾਹ ਜ਼ਰੂਰ ਲੈਂਦੇ ਸਨ। ਮਾਂ ਸ਼ੀਲਾ ਉਨ੍ਹਾਂ ਦੀ ਵਿਸ਼ਵਾਸਪਾਤਰ, ਸਭ ਤੋਂ ਨਜ਼ਦੀਕੀ ਸਹਿਯੋਗੀ ਅਤੇ ਅਜਿਹੀ ਸ਼ਖ਼ਸੀਅਤ ਸੀ, ਜਿਸ ’ਤੇ ਉਹ ਸਭ ਤੋਂ ਵੱਧ ਭਰੋਸਾ ਕਰਦੇ ਸਨ।
ਮਤਭੇਦ ਪੈਦਾ ਹੋਣ ਤੋਂ ਪਹਿਲਾਂ ਤੱਕ ਉਸਨੇ ਉਨ੍ਹਾ ਦੇ ਨਿਰਦੇਸਾਂ ਅਨੁਸਾਰ ਸਾਰਾ ਕਮਿਊਨ ਚਲਾਇਆ। ਕਈ ਸਾਲਾਂ ਤੱਕ ਵਫ਼ਾਦਾਰੀ ਨਾਲ ਸੇਵਾ ਕਰਨ ਤੋਂ ਬਾਅਦ ਮਾਂ ਸ਼ੀਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਮਿਊਨ ਛੱਡ ਦਿੱਤਾ ਅਤੇ ਆਪਣੇ ਸਾਥੀਆਂ ਨਾਲ ਯੂਰਪ ਚਲੀ ਗਈ।
ਫਿਰ ਕੁਝ ਦੋਸ਼ਾਂ ਕਰਕੇ ਮਾਂ ਸ਼ੀਲਾ ਆਨੰਦ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਉਸਨੇ ਉਨਤਾਲੀ ਮਹੀਨੇ ਜ਼ੇਲ੍ਹ ਵਿੱਚ ਬਿਤਾਏ।
ਹੁਣ, ਕਈ ਸਾਲਾਂ ਬਾਅਦ, ਮਾਂ ਸ਼ੀਲਾ, ਜਿਹੜੀ ਅਜੇ ਵੀ ਓਸ਼ੋ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪਿਆਰ ਕਰਦੀ ਹੈ, ਆਪਣੇ ਹਿੱਸੇ ਦੀ ਕਹਾਣੀ ਦੱਸ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਸੱਚ ਬਹੁਤ ਵੱਖਰਾ ਸੀ। ਇਸਦੇ ਨਾਲ ਹੀ ਓਸ਼ੋ ਦੀ ਜ਼ਿੰਦਗੀ ਦੇ ਉਸ ਹਿੱਸੇ ਤੇ ਵੀ ਚਾਨਣਾ ਪਾ ਰਹੀ ਹੈ, ਜਿਸਨੂੰ ਹੁਣ ਤੱਕ ਲੁਕੋ ਕੇ ਰੱਖਿਆ ਗਿਆ ਸੀ।

